ਢਿੱਲੋਂ ਦੀ ਜਿੱਤ ਪੱਕੀ, ਐਲਾਨ ਬਾਕੀ
ਜ਼ੀਰਕਪੁਰ, 29 ਜਨਵਰੀ
ਆਜ਼ਾਦ ਉਮੀਦਵਾਰ ਦੀਪਇੰਦਰ ਸਿੰਘ ਢਿੱਲੋਂ ਦੇ ਹੱਕ ’ਚ ਕੱਲ ਉਨਾਂ ਦੀ ਹਮਾਇਤੀਆਂ ਵਲੋਂ ਜ਼ੀਰਕਪੁਰ ਵਿਚ ਕੀਤੀ ਸਫ਼ਲ ਰੈਲੀ ਨੇ ਹਲਕੇ ਦੇ ਸਮੀਕਰਣਾਂ ’ਚ ਉਥਲ ਪੁਥਲ ਕਰਕੇ ਰੱਖ ਦਿੱਤੀ ਹੈ। ਹਲਕੇ ਵਿਚ ਬਾਹਰਲੇ ਉਮੀਦਵਾਰਾਂ ਨੂੰ ਭਜਾਉਣ ਅਤੇ ਹਲਕੇ ਦੀ ਹੋਂਦ ਨੂੰ ਬਚਾਉਣ ਦੇ ਮੁੱਦੇ ’ਤੇ ਲੋਕਾਂ ਦਾ ਢਿੱਲੋਂ ਨੂੰ ਭਰਵਾਂ ਸਮਰਥਨ ਮਿਲ ਰਿਹਾ ਹੈ। ਹੁਣ ਤੱਕ ਦੀਪਇੰਦਰ ਢਿੱਲੋਂ ਦੇ ਹੱਕ ’ਚ ਹਲਕੇ ਦੀਆਂ ਦਰਜਨਾਂ ਪ੍ਰਮੁੱਖ ਸਮਾਜ ਸੇਵੀ, ਰਾਜਨੀਤਕ, ਸਮਾਜਿਕ, ਧਾਰਮਿਕ ਤੇ ਭਾਈਚਾਰਕ ਜਥੇਬੰਦੀਆਂ ਵਲੋਂ ਸਮਰਥਨ ਦਾ ਐਲਾਨ ਕੀਤਾ ਜਾ ਚੁੱਕਾ ਹੈ। ਦੀਪਇੰਦਰ ਢਿੱਲੋਂ ਵਲੋਂ ਬਾਕੀ ਉਮੀਦਵਾਰਾਂ ਤੋਂ ਬਾਅਦ ਵਿਚ ਬੀਤੇ ਕੱਲ ਜ਼ੀਰਕਪੁਰ ਦੇ ਬਲਟਾਣਾ ਰੋਡ ’ਤੇ ਕਲਗੀਧਰ ਇਨਕਲੇਵ ਵਿਖੇ ਕੀਤੀ ਵਿਸ਼ਾਲ ਰੈਲੀ ਵਿਚ ਢਿੱਲੋਂ ਦੇ ਜਨ ਆਧਾਰ ਦਾ ਸ਼ਕਤੀ ਪ੍ਰਦਰਸ਼ਨ ਹੋ ਨਿਬੜਿਆ ਅਤੇ ਇਸ ਰੈਲੀ ਨੇ ਇਸੇ ਥਾਂ ’ਤੇ ਅਕਾਲੀ ਦਲ ਅਤੇ ਕਾਂਗਰਸ ਦੀਆਂ ਹੋਈਆਂ ਰੈਲੀਆਂ ਦੇ ਇਕੱਠ ਨੂੰ ਕਿਤੇ ਪਿੱਛੇ ਛੱਡ ਦਿੱਤਾ ਹੈ। ਰੈਲੀ ਦੀ ਸਫ਼ਲਤਾ ਤੋਂ ਉਤਸ਼ਾਹਿਤ ਹੁੰਦਿਆਂ ਢਿੱਲੋਂ ਸਮਰਥਕਾਂ ਨੇ ਜਿੱਤ ਦਾਅਵਾ ਕਰਦਿਆਂ ਆਖਿਆ ਹੈ ਕਿ ਢਿੱਲੋਂ ਦੀ ਜਿੱਤ ਤਾਂ ਹੋ ਗਈ ਹੈ, ਬੱਸ ਐਲਾਨ ਹੀ ਬਾਕੀ ਹੈ।
ਜਿਥੇ ਕਾਂਗਰਸ ਪਾਰਟੀ ਵਲੋਂ ਦੀਪਇੰਦਰ ਢਿੱਲੋਂ ਨੂੰ ਪਿਛਲੇ 20 ਸਾਲਾਂ ਤੋਂ ਹਲਕੇ ਵਿਚ ਪਾਰਟੀ ਦੀ ਕੀਤੀ ਜਾ ਰਹੀ ਨੁਮਾਇੰਦਗੀ ਨੂੰ ਨਜ਼ਰਅੰਦਾਜ਼ ਕਰਕੇ ਟਿਕਟ ਨਾ ਦੇਣ ਦੇ ਰੋਸ ’ਚ ਹਜ਼ਾਰਾਂ ਟਕਸਾਲੀ ਕਾਂਗਰਸੀ ਆਗੂ ਤੇ ਵਰਕਰ ਢਿੱਲੋਂ ਦੇ ਹੱਕ ’ਚ ਤੁਰੇ ਹਨ, ਉਥੇ ਹਲਕੇ ਦੇ ਟਕਸਾਲੀ ਅਕਾਲੀ ਆਗੂ, ਜਿਹੜੇ ਮਰਹੂਮ ਕੈਪਟਨ ਕੰਵਲਜੀਤ ਸਿੰਘ ਦੇ ਪਰਿਵਾਰ ਨੂੰ ਅਕਾਲੀ ਦਲ ਵਲੋਂ ਨਜ਼ਰਅੰਦਾਜ਼ ਕਰਕੇ ਬਾਹਰਲੇ ਉਮੀਦਵਾਰ ਨੂੰ ਟਿਕਟ ਦੇਣ ਦੇ ਵਿਰੋਧ ਵਿਚ ਹਨ, ਉਹ ਵੀ ਢਿੱਲੋਂ ਦੇ ਹੱਕ ’ਚ ਤੁਰੇ ਹਨ। ਹਲਕੇ ਦੇ ਸਮੀਕਰਣ ਦੇਖ ਕੇ ਤਾਂ ਇੰਝ ਲੱਗ ਰਿਹਾ ਹੈ, ਜਿਵੇਂ ਇਥੇ ਮੁਕਾਬਲਾ ਅਕਾਲੀ ਦਲ ਅਤੇ ਆਜ਼ਾਦ ਉਮੀਦਵਾਰ ਦੀਪਇੰਦਰ ਢਿੱਲੋਂ ਦੇ
ਵਿਚਾਲੇ ਹੋਵੇ। ਕਾਂਗਰਸ ਦੇ ਉਮੀਦਵਾਰ ਨੂੰ ਚੋਣ ਪ੍ਰਚਾਰ ਲਈ ਹਲਕੇ ਵਿਚ ਟਕਸਾਲੀ ਕਾਂਗਰਸੀ ਆਗੂ ਅਤੇ ਵਰਕਰਾਂ ਦੀ ਘਾਟ ਦਾ ਸਾਹਮਣਾ ਕਰਨਾ ਪਿਆ ਹੈ। ਇਥੋਂ ਤੱਕ ਕਿ ਪਿਛਲੇ ਦਿਨੀਂ ਜਦੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਜ਼ੀਰਕਪੁਰ ਵਿਖੇ ਚੋਣ ਰੈਲੀ ਕਰਨ ਪਹੁੰਚੇ ਸਨ ਤਾਂ ਉਦੋਂ ਵੀ ਹਲਕੇ ਵਿਚਲੇ ਕਾਂਗਰਸੀ ਵਰਕਰਾਂ ਦੀ ਥਾਂ ’ਤੇ ਭੀੜ ਇਕੱਠੀ ਕਰਨ ਲਈ ਘਨੌਰ, ਰਾਜਪੁਰਾ ਤੇ ਹੋਰਨਾਂ ਸ਼ਹਿਰਾਂ ਤੋਂ ਲੋਕ ਲਿਆਉਣੇ ਪਏ ਸਨ। ਦੂਜੇ ਪਾਸੇ ਦੀਪਇੰਦਰ ਸਿੰਘ ਢਿੱਲੋਂ ਨੂੰ ਕਾਂਗਰਸ ਪਾਰਟੀ ਵਿਚੋਂ ਕੱਢਣ ਦੇ ਕੈਪਟਨ ਅਮਰਿੰਦਰ ਸਿੰਘ ਦੇ ਐਲਾਨ ਅਤੇ ਢਿੱਲੋਂ ਦੇ ਨਾਲ ਤੁਰ ਰਹੇ ਕਾਂਗਰਸੀ ਆਗੂਆਂ ਨੂੰ ਵੀ ਪਾਰਟੀ ਵਿਚੋਂ ਕੱਢਣ ਦੀ ਚਿਤਾਵਨੀ ਦੇ ਬਾਵਜੂਦ ਹਲਕੇ ਦੇ ਟਕਸਾਲੀ ਕਾਂਗਰਸੀ ਆਗੂ ਅਤੇ ਵਰਕਰ ਢਿੱਲੋਂ ਦੇ ਹੱਕ ਵਿਚ ਨੰਗੇ ਚਿੱਟੇ ਤੁਰੇ ਹਨ। ਹਲਕੇ ਦੀਆਂ ਅਨੇਕਾਂ ਪੱਛੜੀਆਂ ਬਿਰਾਦਰੀਆਂ ਵਲੋਂ ਵੀ ਦੀਪਇੰਦਰ ਢਿੱਲੋਂ ਨੂੰ ਸਮਰਥਨ ਦਿੱਤਾ ਜਾ ਰਿਹਾ ਹੈ। ਹੁਣ ਤੱਕ ਦੀਪਇੰਦਰ ਢਿੱਲੋਂ ਦੇ ਹੱਕ ’ਚ ਬ੍ਰਾਹਮਣ ਸਭਾ ਡੇਰਾਬਸੀ, ਬਾਜੀਗਰ ਬਿਰਾਦਰੀ, ਮੁਸਲਮਾਨ ਬਿਰਾਦਰੀ, ਸਾਬਕਾ ਫ਼ੌਜੀਆਂ ਦੀ ਭਲਾਈ ਜਥੇਬੰਦੀ, ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਧਿਆਨ ਸਿੰਘ ਝਰਮੜੀ ਅਤੇ ਹਲਕੇ ਦੇ ਦਰਜਨਾਂ ਹੋਰ ਟਕਸਾਲੀ ਅਕਾਲੀ ਪਰਿਵਾਰ ਦੀਪਇੰਦਰ ਢਿੱਲੋਂ ਦੇ ਸਮਰਥਨ ਵਿਚ ਆ ਚੁੱਕੇ ਹਨ। ਡੇਰਾਬਸੀ ਦੇ ਕੁਝ ਭਾਜਪਾ ਕੌਂਸਲਰ ਤੇ ਹੋਰ ਆਗੂ ਵੀ ਢਿੱਲੋਂ ਦੇ ਹੱਕ ’ਚ ਆ ਗਏ ਹਨ। ਬੀਤੇ ਕੱਲ ਜ਼ੀਰਕਪੁਰ ਵਿਖੇ ਢਿੱਲੋਂ ਦੀ ਹੋਈ ਰੈਲੀ ਵਿਚ ਜੰਮੂ ਕਸ਼ਮੀਰ ਦੇ ਆਜ਼ਾਦ ਵਿਧਾਇਕ ਚੌਧਰੀ ਅਨਵਰ ਸਿੰਘ, ਬਿਹਾਰ ਦੇ ਸਾਬਕਾ ਮੰਤਰੀ ਦਦਨ ਸਿੰਘ ਅਤੇ ਦਿੱਲੀ ਤੋਂ ਬੁੱਜ਼ਰ ਜਥੇਬੰਦੀ ਦੇ ਨੇਤਾਵਾਂ ਨੇ ਢਿੱਲੋਂ ਦੇ ਹੱਕ ’ਚ ਚੋਣ ਪ੍ਰਚਾਰ ਕਰਕੇ ਉਨਾਂ ਦੀ ਸਥਿਤੀ ਜਿੱਤ ਦੇ ਨੇੜੇ ਕਰ ਦਿੱਤੀ ਹੈ। ਇਹ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਆਜ਼ਾਦ ਉਮੀਦਵਾਰ ਦੀਪਇੰਦਰ ਢਿੱਲੋਂ ਕਾਂਗਰਸ ਅਤੇ ਅਕਾਲੀ ਦਲ, ਦੋਵਾਂ ਉਮੀਦਵਾਰਾਂ ਲਈ ਜਿੱਤ ਦੇ ਰਾਹ ’ਚ ਵੱਡੀ ਰੁਕਾਵਟ ਬਣ ਸਕਦਾ ਹੈ।
